ਮੁੰਬਈ, 21 ਫਰਵਰੀ-'ਪਰਿਣੀਤਾ' ਤੋਂ ਲੈ ਕੇ 'ਦਿ ਡਰਟੀ ਪਿਕਚਰ' ਤੱਕ ਅਭਿਨੈ ਦੇ ਵੱਖ-ਵੱਖ ਜੌਹਰ ਦਿਖਾ ਚੁੱਕੀ ਵਿਦਿਆ ਬਾਲਨ ਹੁਣ ਵਿਆਹ ਤੋਂ ਬਾਅਦ ਬਣਨ ਵਾਲੇ ਪ੍ਰੇਮ-ਸੰਬੰਧਾਂ ਬਾਰੇ ਦਮਦਾਰ ਵਿਸ਼ੇ 'ਤੇ ਕੁਝ ਕਰਨਾ ਚਾਹੁੰਦੀ ਹੈ। ਵਿਦਿਆ ਨੇ ਕਿਹਾ ਕਿ ਸਾਡੀ ਜ਼ਿੰਦਗੀ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਦੇਖਦੀ ਹੈ, ਇਸ ਲਈ ਮੈਂ ਕੁਝ ਅਜਿਹਾ ਕਰਨਾ ਚਾਹੁੰਦੀ ਹਾਂ ਜਿਸ ਵਿਚ ਕੁਝ ਅਜਿਹੀ ਹੀ ਗੱਲ ਹੋਵੇ। ਭਾਵੇਂ ਉਹ 'ਅਰਥ' ਜਾਂ 'ਸਿਲਸਿਲਾ' ਵਰਗੀਆਂ ਫਿਲਮਾਂ ਹੋਣ ਜਿਸ ਵਿਚ ਵਿਆਹ ਤੋਂ ਬਾਅਦ ਸੰਬੰਧਾਂ ਦੀ ਗੱਲ ਹੋਵੇ ਕਿਉਂਕਿ ਅਸੀਂ ਜਿਥੇ ਵੀ ਜਾਂਦੇ ਹਾਂ, ਉਥੇ ਇਸ ਦੇ ਬਾਰੇ ਸੁਣਦੇ ਹਾਂ।
ਸਾਲ 1982 ਵਿਚ ਮਹੇਸ਼ ਭੱਟ ਦੇ ਨਿਰਦੇਸ਼ਨ ਵਿਚ ਬਣੀ 'ਅਰਥ' ਵਿਚ ਸ਼ਬਾਨਾ ਆਜ਼ਮੀ, ਕੁਲਭੂਸ਼ਣ ਖਰਬੰਦਾ, ਸਮਿਤਾ ਪਾਟਿਲ ਅਤੇ ਰਾਜ ਕਿਰਨ ਨੇ ਕੰਮ ਕੀਤਾ ਸੀ। ਇਹ ਫਿਲਮ ਵਿਆਹ ਤੋਂ ਬਾਅਦ ਬਣਨ ਵਾਲੇ ਸੰਬੰਧਾਂ 'ਤੇ ਸੀ। ਸਾਲ 1981 ਵਿਚ ਇਸੇ ਵਿਸ਼ੇ 'ਤੇ ਬਣੀ ਯਸ਼ ਚੋਪੜਾ ਦੀ 'ਸਿਲਸਿਲਾ' ਵਿਚ ਅਮਿਤਾਭ ਬੱਚਨ, ਜਯਾ ਬੱਚਨ, ਸੰਜੀਵ ਕੁਮਾਰ ਅਤੇ ਰੇਖਾ ਨੇ ਕੰਮ ਕੀਤਾ ਹੈ।
ਵਿਦਿਆ ਨੇ ਸਵ. ਇੰਦਰਾ ਗਾਂਧੀ 'ਤੇ ਫਿਲਮ ਬਣਨ 'ਤੇ ਉਸ ਵਿਚ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ ਹੈ। ਉਸ ਨੇ ਕਿਹਾ ਕਿ ਮੈਂ ਇੰਦਰਾ ਗਾਂਧੀ 'ਤੇ ਬਣਨ ਵਾਲੀ ਫਿਲਮ ਜਾਂ ਵੈਸੀ ਕਿਸੇ ਫਿਲਮ ਵਿਚ ਵੀ ਕੰਮ ਕਰਨਾ ਚਾਹਾਂਗੀ। ਫਿਲਹਾਲ ਵਿਦਿਆ ਇਕ ਕਾਮੇਡੀ ਥ੍ਰਿੱਲਰ 'ਘਣਚੱਕਰ' ਵਿਚ ਕੰਮ ਕਰਨ ਵਾਲੀ ਹੈ।
